Popular Posts

Saturday, December 3, 2016

ਧਾਰਮਿਕ ਤੇ ਸਮਾਜਿਕ ਮਰਿਆਦਾ ਦਾ ਪ੍ਰਤੀਕ 'ਭਗਵਾਨ ਵਾਲਮੀਕ ਤੀਰਥ'

ਧਾਰਮਿਕ ਤੇ ਸਮਾਜਿਕ ਮਰਿਆਦਾ ਦਾ ਪ੍ਰਤੀਕ 'ਭਗਵਾਨ ਵਾਲਮੀਕ ਤੀਰਥ'
ਭਗਵਾਨ ਵਾਲਮੀਕ ਜੀ ਦੀ ਚਰਨਛੋਹ ਧਰਤੀ


ਸ੍ਰੀ ਅੰਮ੍ਰਿਤਸਰ ਦਾ ਨਾਮ ਦਿਮਾਗ 'ਚ ਆਉਂਦਿਆਂ ਹੀ ਮਨ ਸ਼ਰਧਾ ਨਾਲ ਭਰ ਉਠਦਾ ਹੈ ਤੇ ਆਪ ਮੁਹਾਰੇ ਹੀ ਇਸ ਪਵਿੱਤਰ ਧਰਤੀ ਨੂੰ ਯਾਦ ਕਰਕੇ ਸੀਸ ਝੁਕ ਜਾਂਦਾ ਹੈ। ਸਾਂਝੀਵਾਲਤਾ ਦਾ ਪ੍ਰਤੀਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਸੇ ਧਰਤੀ 'ਤੇ ਹੈ, ਸ਼ਹਾਦਤ ਦੇ ਗੀਤ ਗਾਉਂਦਾ ਜਲ੍ਹਿਆਂਵਾਲਾ ਬਾਗ ਇਸੇ ਅੰਮ੍ਰਿਤਸਰ ਦੀ ਧਰਤੀ 'ਤੇ ਹੈ, ਜਿਸਦੀ ਮਿੱਟੀ ਵਿਚ ਸਾਡੇ ਆਜ਼ਾਦੀ ਘੁਲਾਟੀਏ ਯੋਧਿਆਂ ਦਾ ਲਹੂ ਸ਼ਾਮਲ ਹੈ। ਦੁਰਗਿਆਣਾ ਮੰਦਰ ਤੇ ਕਿੰਨੀਆਂ ਹੀ ਹੋਰ ਇਤਿਹਾਸਕ ਤੇ ਧਾਰਮਿਕ ਥਾਵਾਂ ਇਸ ਅੰਮ੍ਰਿਤਸਰ ਦੀ ਧਰਤੀ 'ਤੇ ਹਨ ਜਿਨ੍ਹਾਂ ਵਿਚ ਇਕ ਬਹੁਤ ਵੱਡੀ ਤੇ ਪ੍ਰਾਚੀਨ, ਸਾਡੀ ਇਤਿਹਾਸਕ ਵਿਰਾਸਤ ਸ੍ਰੀ ਵਾਲਮੀਕ ਜੀ ਦੀ ਚਰਨਛੋਹ ਪ੍ਰਾਪਤ ਉਹ ਥਾਂ ਹੈ, ਜਿੱਥੇ ਉਨ੍ਹਾਂ ਮਾਨਵਤਾ ਦੀ ਭਲਾਈ ਲਈ ਪਿਆਰ, ਏਕਤਾ ਤੇ ਆਦਰਸ਼ ਦਾ ਸੁਨੇਹਾ ਵੰਡਣ ਵਾਲੀ ਆਪਣੀ ਕੁਟੀਆ ਸਥਾਪਿਤ ਕੀਤੀ ਸੀ, ਜੋ ਕੁਟੀਆ ਤੋਂ ਆਸ਼ਰਮ ਬਣ ਗਈ ਤੇ ਆਸ਼ਰਮ ਤੋਂ ਇਹ ਥਾਂ ਕਈਆਂ ਲਈ ਆਸਰਾ ਬਣ ਗਈ।
ਭਗਵਾਨ ਵਾਲਮੀਕ ਜੀ ਦਾ ਤੀਰਥ ਸਥਲ ਜਿਸ ਨੂੰ 'ਰਾਮ ਤੀਰਥ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਹੁਣ ਇਸ ਦਾ ਨਾਮ 'ਭਗਵਾਨ ਵਾਲਮੀਕ ਤੀਰਥ' ਹੈ, ਕਿੰਨਾ ਗਹਿਰਾ ਰਿਸ਼ਤਾ ਹੈ ਸਾਡਾ ਇਸ ਸਥਲ ਨਾਲ। ਇਹ ਸਾਰੀਆਂ ਗੱਲਾਂ ਅੱਜ ਮੇਰੇ ਦਿਲੋਂ ਦਿਮਾਗ ਵਿਚ ਚੱਲ ਰਹੀਆਂ ਸਨ, ਜਦੋਂ ਮੈਂ ਭਗਵਾਨ ਵਾਲਮੀਕ ਜੀ ਦੇ ਤੀਰਥ ਸਥਲ 'ਭਗਵਾਨ ਵਾਲਮੀਕ ਤੀਰਥ' ਦੇ ਨਵੇਂ ਉਸਾਰੇ ਗਏ ਭਵਨ ਰੂਪੀ, ਆਸ਼ਰਮ, ਬੇਸਹਾਰਿਆਂ ਦਾ ਸਹਾਰਾ ਇਸ ਪਾਵਨ ਸਥਲ ਨੂੰ ਮਾਨਵਤਾ ਨੂੰ ਸਮਰਪਿਤ ਕਰਨ ਵਾਲੇ ਸਮਾਗਮ ਵਿਚ ਇਕ ਸ਼ਰਧਾਲੂ ਵਜੋਂ ਸ਼ਿਰਕਤ ਕਰਨ ਲਈ ਜਾ ਰਿਹਾ ਸੀ। ਭਗਵਾਨ ਵਾਲਮੀਕ ਜੀ ਦਾ ਵਿਸ਼ਾਲ ਹਿਰਦਾ, ਵਿਸ਼ਾਲ ਸੋਚ, ਔਰਤਾਂ ਦਾ ਸਨਮਾਨ ਤੇ ਉਨ੍ਹਾਂ ਦੀ ਸੁਰੱਖਿਆ ਕਰਨ ਦਾ ਸੁਨੇਹਾ ਅੱਜ ਦੇ ਦੌਰ ਵਿਚ ਸਾਡੇ ਲਈ ਕਿੰਨਾ ਪ੍ਰੇਰਨਾਦਾਇਕ ਬਣ ਚੁੱਕਿਆ ਹੈ। ਉਨ੍ਹਾਂ ਉਸ ਸਮੇਂ ਦੇ ਰਾਜਾ ਦੀ ਪਤਨੀ ਨੂੰ ਨਾ ਕੇਵਲ ਆਸ਼ਰਮ ਵਿਚ ਆਸਰਾ ਦਿੱਤਾ, ਬਲਕਿ ਉਹਨਾਂ ਦੇ ਦੋਵੇਂ ਬੱਚਿਆਂ ਨੂੰ ਧਾਰਮਿਕ ਤੇ ਰਾਜਨੀਤਿਕ ਸਿੱਖਿਆ ਦੇ ਨਾਲ-ਨਾਲ ਸ਼ਸ਼ਤਰ ਵਿੱਦਿਆ ਵੀ ਪੂਰੀ ਨਿਪੁੰਨਤਾ ਨਾਲ ਸਿਖਾਈ। ਭਗਵਾਨ ਵਾਲਮੀਕ ਹੀ ਸਨ, ਜਿਨ੍ਹਾਂਂ ਆਪਣੇ ਹੱਥੀਂ ਰਮਾਇਣ ਦੀ ਰਚਨਾ ਵੀ ਕੀਤੀ, ਜਿਸ ਨੂੰ ਅੱਜ ਵਾਲਮੀਕੀ ਰਮਾਇਣ ਦੇ ਰੂਪ ਵਿਚ ਅਸੀਂ ਪੜ੍ਹਦੇ ਸੁਣਦੇ ਤੇ ਉਸ ਤੋਂ ਸੇਧ ਲੈਂਦੇ ਹਾਂ। ਪੰਜਾਬ ਸਰਕਾਰ ਨੇ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ 'ਭਗਵਾਨ ਵਾਲਮੀਕ ਤੀਰਥ' ਸਥਲ ਦਾ ਬੜੇ ਖੁੱਲ੍ਹੇ ਦਿਲ ਨਾਲ ਨਵੀਨੀਕਰਨ ਕੀਤਾ ਹੈ। ਭਗਵਾਨ ਵਾਲਮੀਕ ਜੀ ਦੀ ਵਿਸ਼ਾਲ ਮੂਰਤ ਇੱਥੇ ਸਥਾਪਿਤ ਕੀਤੀ ਜਾ ਰਹੀ ਹੈ। ਇਹ ਸਾਡੀ ਵਿਰਾਸਤ ਨੂੰ ਸਾਂਭਣ ਵਾਲੇ ਉਪਰਾਲੇ ਲਈ ਜਿੱਥੇ ਸਰਕਾਰ ਵਧਾਈ ਦੀ ਪਾਤਰ ਹੈ, ਉਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਥਾਂ ਸੇਧ ਦੇਣ ਵਾਲੀ, ਸਾਨੂੰ ਆਪਣੀ ਪਹਿਚਾਣ ਤੋਂ ਜਾਣੂ ਕਰਾਉਣ ਵਾਲੀ, ਸਾਨੂੰ ਸਮਾਜ ਵਿਚ ਇਕਸਾਰਤਾ ਅਤੇ ਆਪਣੇ ਅਧਿਕਾਰਾਂ ਦੀ ਪਹਿਚਾਣ ਕਰਵਾਉਣ ਵਾਲੀ ਸਾਬਤ ਹੋਵੇਗੀ। ਵਾਲਮੀਕ ਭਾਈਚਾਰਾ ਬੜੇ ਜੋਸ਼ ਨਾਲ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਲਈ ਸੜਕਾਂ ਤੇ ਦੂਰ ਦੂਰ ਤੱਕ ਨਜ਼ਰ ਆ ਰਿਹਾ ਸੀ ਤੇ ਗੱਠਜੋੜ ਦੀ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਉਨ੍ਹਾਂ ਦਾ ਮਨ ਸਾਫ਼ ਪੜਿਆ ਜਾ ਸਕਦਾ ਸੀ। ਮੈਂ ਇਸ ਇਤਿਹਾਸਕ ਤੇ ਧਾਰਮਿਕ ਸਥਲ ਨੂੰ ਸੀਸ ਝੁਕਾਉਂਦਾ ਹਾਂ ਅਤੇ ਦਿਲ ਦੀਆਂ ਗਹਰਾਈਆਂ ਤੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ।
'ਜੈ ਵਾਲਮੀਕਿ-ਹਰ ਹਰ ਵਾਲਮੀਕਿ'

No comments:

Post a Comment